ਵਾਟ ਜਿੰਦਗੀ ਦੀ,ਬੱਸ ,ਹੁਣ ਮੁੱਕੀ ਹੀ ਪਈ ਏ
ਸਾਡੀ ਸਾਹਾਂ ਵਾਲੀ ਡੋਰ, ਹੁਣ ਟੁੱਟੀ ਹੀ ਪਈ ਏ
ਸਾਡਾ ਭਰ ਗਿਆ ਮਨ,ਰੰਗ ਦੁਨੀਆਂ ਦੇ ਵੇਖ
ਆ ਕੇ ਪੁੱਛਣਾ ਏ ਤੈਥੋਂ,ਕਾਹਤੋਂ ਏਦਾਂ ਲਿਖੇ ਲੇਖ
ਸਾਡੀ ਜਿੰਦਗੀ ਵਾਲਾ ਤਾਂ, ਹੁਣੇ ਡੁੱਬਜੂ ਸਿਤਾਰਾ
ਰੋਂਦਾ-ਰੋਂਦਾ ਤੁਰ੍ਜੂਗਾਂ ,ਮੈਂ ਤਾਂ ਕਰਮਾਂ ਦਾ ਮਾਰਾ
ਹੁਣ ਧੁਖਦੀ ਭੁੱਬਲ,ਅੱਗ ਦੁੱਖਾਂ ਦੀ ਸੀ ਬਾਲੀ
ਤੁਰੀ ਸਿੱਧੀ ਜਾਂਦੀ ਆਪੇ,ਪੁੱਠੀ ਚੱਕੀ ਸੀ ਘੁਮਾਲੀ
ਪਤਾ ਲੱਗਦਾ ਈ ਨਹੀਂ,ਇਹ ਕੀਹਦਾ ਸੀ ਕਸੂਰ
ਸੀ ਜਵਾਨੀ ਦਾ ਫਤੂਰ,ਜਾਂ ਸੀ ਹੋਰ ਕੋਈ ਗਰੂਰ
ਸਾਡੇ ਰਚਿਆ ਏ ਖੂਨ ਵਿੱਚ ਮੋਹ ਤੇ ਪਿਆਰ
ਏਥੇ ਲੁੱਟ ਲੈਂਦੇ ਲੋਕ,ਸੂਲਾਂ ਤਿੱਖੀਆਂ ਤਿਆਰ
ਜੀਹਤੇ ਕੀਤਾ ਸੀ ਯਕੀਨ,ਓਹਨਾਂ ਮੁੱਲ ਨਾ ਕੋਈ ਪਾਇਆ
ਜੇਹੜੇ ਕਰਦੇ ਸੀ ਤੇਰਾ,ਨਾ ਓਹਨੂੰ ਆਪਣਾ ਬਣਾਇਆ
ਤੇਰੀ ਆਪਣੀ ਕਮਾਈ ,ਦੁੱਖ ਗਲ ਲਾਏ ਆਪ
ਤੂੰ ਵੀ ਜੀਹਨੂੰ ਡੰਗ ਮਾਰੇ,ਓਹਦਾ ਮਾਰੂਗਾ ਸਰਾਪ
ਸਭ ਕੁਛ ਹਾਂ ਗਵਾ ਕੇ,ਹੁਣ ਚੁੱਪ-ਚਾਪ ਬੈਠੇ
ਜੇਹੜੇ ਦਰਦ ਕਮਾਏ,ਕਿੱਦਾਂ ਜਾਣਗੇ ਸਮੇਟੇ
ਭਰ ਹਿਜ਼ਰਾਂ ਦੇ ਬੁੱਕ,ਰੱਬ ਝੋਲੀ ਸਾਡੀ ਪਾਏ ਰੋਸੇ
ਗਿਲੇ ਹੌਂਕੇ ਹਾਵਾਂ,ਸਾਡੇ ਬਣੇ ਸਰਮਾਏ
ਬੜਾ ਗਿਆ ਹਾਂ ਮੈਂ ਥੱਕ,ਬੋਝ ਜਿੰਦਗੀ ਦਾ ਢੋਹ
ਕਰਾਂ ਮੌਤ ਨੂੰ ਪਿਆਰ,ਜਾਂਦਾ ਵੱਧਦਾ ਏ ਮੋਹ
ਸਮਾਂ ਦੇਖ-ਦੇਖ ਥੱਕੇ,ਓਹਦੀ ਆਈ ਨਾ ਤਰੀਕ
ਤੂੰ ਹੀ ਆਜਾ ਹੁਣ ਛੇਤੀ,ਸਾਨੂੰ ਤੇਰੀ ਹੀ ਉਡੀਕ
ਹੱਥੋਂ ਰੇਤ ਵਾਂਗ ਕਿਰੇ,ਛੁੱਟੇ ਜਿੰਦਗੀ ਦਾ ਪੱਲਾ
ਹੁਣ ਆਉਂਦੇ ਬੜੇ ਖਾਬ,ਯਾਦ ਕਰਦਾ ਏ ਅੱਲਾ
ਖੁਸ਼ੀ ਨੱਠੀ ਕੋਹਾਂ ਦੂਰ,ਯਾਰੀ ਦਰਦਾਂ ਨਾਲ ਲਾਈ
ਕੱਲੀ ਦਰਦਾਂ ਦੀ ਪੂੰਜੀ,’ਦੀਪ ਸਿੰਹਾਂ’ ਤੂੰ ਕਮਾਈ